Friday, November 22nd, 2024

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ “ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ”

‘ਗੁਰਦੁਆਰਾ ਥੰਮ ਸਾਹਿਬ’ ਕਰਤਾਰਪੁਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਲੰਧਰ-ਅੰਮ੍ਰਿਤਸਰ ਸ਼ਾਹ ਰਾਹ ‘ਤੇ ਸੰਮਤ 1650 ਬਿ: (1593 ਈ:) ਵਿਚ ‘ਕਰਤਾਰਪੁਰ’ ਨਗਰ ਦੀ ਨੀਂਹ ਰੱਖੀ। ਸਿੱਖ ਸੰਗਤਾਂ ਦੀ ਸਹੂਲਤ ਤੇ ਆਪਣੇ ਨਿਵਾਸ ਲਈ ਬਹੁਤ ਸਾਰੇ ਮਕਾਨ ਬਣਾਏ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਫ਼ੀ ਸਮਾਂ ਨਵੇਂ ਆਬਾਦ ਹੋ ਰਹੇ ਨਗਰ ਵਿਚ ਨਿਵਾਸ ਕੀਤਾ। ਗੁਰੂ ਜੀ ਦਾ ਨਿਵਾਸ ਅਸਥਾਨ ਹੋਣ ਕਾਰਨ ਸੰਗਤਾਂ ਦੀ ਭਾਰੀ ਆਮਦ ਹੋਣੀ ਸੁਭਾਵਿਕ ਸੀ। ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਲਈ ਨਵਾਂ ਦੀਵਾਨ ਅਸਥਾਨ ਸੰਮਤ 1650-51 ਬਿ: (1593-94 ਈ:) ਵਿਚ ਬਣਾਇਆ ਗਿਆ। ਦੀਵਾਨ ਅਸਥਾਨ ਇਤਨਾ ਵੱਡਾ ਸੀ ਕਿ ਵਿਚਕਾਰ ‘ਥੰਮ’ ਦੇਣਾ ਪਿਆ ਜਿਸ ਤੋਂ ਇਸ ਅਸਥਾਨ ਦਾ ਨਾਮ ‘ਥੰਮ ਸਾਹਿਬ’ ਪ੍ਰਸਿੱਧ ਹੋਇਆ।

ਸੰਮਤ 1812 ਬਿਕਰਮੀ ਤੀਕ ਇਹ ਅਸਥਾਨ ਧੀਰਮੱਲੀਏ ‘ਸਤਿਸੰਗ ਘਰ’ ਵਜੋਂ ਵਰਤਦੇ ਰਹੇ। ਸੰਮਤ 1813 ਬਿਕਰਮੀ ਵਿਚ ਅਫਗਾਨ ਹਮਲਾਵਰ ਦੇ ਕਹਿਣ ‘ਤੇ ਜਲੰਧਰ ਦੇ ਅਹਿਲਕਾਰ ਨਾਸਰ ਅਲੀ, ਕਰਤਾਰਪੁਰ ‘ਤੇ ਹਮਲਾਵਰ ਹੋਇਆ ਤੇ ਗੁਰਦੁਆਰਾ ਥੰਮ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ। ਸੰ: 1814 ਬਿਕਰਮੀ ਖਾਲਸਾ ਦਲਾਂ ਨੇ ਜਲੰਧਰ ‘ਤੇ ਹਮਲਾ ਕਰਕੇ ਨਾਸਰ ਅਲੀ ਨੂੰ ਮਾਰ ਮੁਕਾਇਆ ਤੇ ਕਰਤਾਰਪੁਰ ਦੀ ਤਬਾਹੀ ਦਾ ਬਦਲਾ ਲਿਆ।

ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ‘ਗੁਰਦੁਆਰਾ ਥੰਮ ਸਾਹਿਬ’ ਦੀ ਬਹੁ-ਮੰਜ਼ਲੀ ਇਮਾਰਤ ਉਸਾਰੀ ਗਈ। ਇਸ ਸਮੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਤਾਰਪੁਰ ਦੇ ਸੋਢੀਆਂ ਪਾਸ ਹੀ ਰਿਹਾ। 1936 ਈ: ਵਿਚ ਸੋਢੀਆਂ ਪਾਸੋਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ ਜੋ ਨਿਰੰਤਰ ਜਾਰੀ ਹੈ।

ਕਰਤਾਰਪੁਰ ਦੀ ਧਰਤੀ ‘ਤੇ ਬਹੁਤ ਸਾਰੇ ਇਤਿਹਾਸਕ ਅਸਥਾਨ ਹਨ ਜੋ ਕਰਤਾਰਪੁਰ ਦੀ ਧਾਰਮਿਕ-ਇਤਿਹਾਸਕਤਾ ਨੂੰ ਰੂਪਮਾਨ ਕਰਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਵੀ ਕਾਫੀ ਸਮਾਂ ਇਸ ਧਰਤੀ ‘ਤੇ ਨਿਵਾਸ ਕਰਦੇ ਹੋਏ ਸਿੱਖ ਸੰਗਤਾਂ ਨੂੰ ਗੁਰਮਤਿ ਉਪਦੇਸ਼ ਦ੍ਰਿੜ੍ਹ ਕਰਾਉਂਦੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਰਤਾਰਪੁਰ ਹੀ ਸੰ: 1691 ਬਿਕਰਮੀ ਵਿਚ ਮੁਗਲ ਜਰਨੈਲ ਕਾਲੇ ਖਾਂ, ਪੈਂਦੇ ਖਾਂ ਆਦਿ ਦਲ ਨਾਲ ਯੁੱਧ ਕਰਨਾ ਪਿਆ।

ਫਤਹਿ ਸਤਿਗੁਰੂ ਜੀ ਨੂੰ ਹੋਈ। ਇਸ ਸੁਹਾਵੀ ਧਰਤੀ ‘ਤੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਤਾ ਗੁਜਰੀ ਜੀ ਨਾਲ ਵਿਆਹ ਹੋਇਆ। ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਬਹੁਤ ਸਾਰੇ ਗੁਰਅਸਥਾਨ ਕਰਤਾਰਪੁਰ ਵਿਚ ਸੁਭਾਇਮਾਨ ਹਨ ਜਿਵੇਂ:

1. ਗੁਰਦੁਆਰਾ ਗੰਗਸਰ
2. ਗੁਰਦੁਆਰਾ ਮੰਜੀ ਸਾਹਿਬ
3. ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ (ਪਾਤਸ਼ਾਹੀ ਛੇਵੀਂ)
4. ਗੁਰਦੁਆਰਾ ਦਮਦਮਾ ਸਾਹਿਬ
5. ਗੁਰਦੁਆਰਾ ਸ਼ੀਸ਼ ਮਹਿਲ
6. ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ
7. ਯਾਦਗਾਰ ਬੀਬੀ ਕੌਲਾਂ ਦੀ… ਆਦਿ।

‘ਗੁਰਦੁਆਰਾ ਥੰਮ ਸਾਹਿਬ’ ਕਰਤਾਰਪੁਰ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਚ ਅੰਮ੍ਰਿਤਸਰ-ਜਲੰਧਰ ਸ਼ਾਹ ਰਾਹ ‘ਤੇ ਸਥਿਤ ਪ੍ਰਮੁੱਖ ਸ਼ਹਿਰ ਹੈ। ਅੰਮ੍ਰਿਤਸਰ-ਜਲੰਧਰ ਦਿੱਲੀ ਰੇਲਵੇ ਲਾਈਨ ‘ਤੇ ਕਰਤਾਰਪੁਰ ਰੇਲਵੇ ਸਟੇਸ਼ਨ ਤੋਂ ਇਹ ਇਤਿਹਾਸਕ ਅਸਥਾਨ ਇਕ ਕਿਲੋਮੀਟਰ ਤੇ ਬੱਸ ਸਟੈਂਡ ਕਰਤਾਰਪੁਰ ਤੋਂ ਕੇਵਲ 300 ਮੀਟਰ ਦੀ ਦੂਰੀ ‘ਤੇ ਹੈ।

ਇਸ ਪਵਿੱਤਰ ਅਸਥਾਨ ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਵਿਸਾਖੀ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ। ਗੁਰਮਤਿ ਦੇ ਜਗਿਆਸੂਆਂ ਲਈ ਗੁਰਮਤਿ ਲਾਇਬ੍ਰੇਰੀ ਦੀ ਸਹੂਲਤ ਹੈ ਜਿਸ ਵਿਚ 1500 ਤੋਂ ਵਧੀਕ ਪੁਸਤਕਾਂ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ।

Leave a Reply