Saturday, January 18th, 2025

ਗੁਰੂ ਨਾਨਕ ਦੇਵ ਜੀ ਦੀ ਇਤਿਹਾਸਿਕ ਯਾਦ ਨਾਲ ਜੁੜਿਆ “ਗੁਰਦੁਆਰਾ ਸ੍ਰੀ ਰੀਠਾ ਸਾਹਿਬ”

ਗੁਰੂਦੁਆਰਾ ਰੀਠਾ ਸਾਹਿਬ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਹੈ। ਇਹ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਸਿੱਧਾਂ ਨੂੰ ਜੋਗ ਦੇ ਅਸਲ ਮਾਈਨੇ ਸਮਝਾਉਣ ਆਏ ਸਨ। ਉਸ ਸਮੇਂ ਇਥੇ ਗੋਰਖਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।

ਉਸ ਸਮੇਂ ਇਕ ਆਚੰਭਤ ਕੌਤਕ ਵੇਖਣ ਨੂੰ ਮਿਲਿਆ ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਇਤਿਹਾਸਕ ਗਵਾਹੀ ਮੁਤਾਬਕ 16 ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਜਦੋਂ ਇਸ ਸਥਾਨ ‘ਤੇ ਆਏ ਤਾਂ ਉਸ ਵਕਤ ਰੀਠੇ ਦੇ ਇੱਕ ਭਰੇ ਹੋਏ ਦਰਖ਼ਤ ਹੇਠਾਂ ਗੋਰਖ ਨਾਥ ਜੋਗੀ ਦਾ ਚੇਲਾ ਢੇਰ ਨਾਥ ਡੇਰਾ ਲਾਈ ਬੈਠਾ ਸੀ। ਇਸ ਦਰਖ਼ਤ ਦੇ ਦੂਸਰੇ ਪਾਸੇ ਬਾਬੇਕਿਆਂ ਨੇ ਵੀ ਆਸਨ ਲਾ ਲਏ। ਗੁਰੂ ਜੀ ਦੀ ਆਮਦ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਅਤੇ ਉਨ੍ਹਾਂ (ਗੁਰੂ ਜੀ) ਨੂੰ ਇੱਥੇ ਆਉਣ ਦਾ ਕਾਰਨ ਪੁੱਛਣ ਲੱਗੇ। ਗੁਰੂ ਸਾਹਿਬ ਨੇ ਜੋਗੀਆਂ ਨੂੰ ਦੱਸਿਆ ਕਿ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਦਿਆਂ ਹੋਇਆਂ ਉਸ ਨਿਰੰਕਾਰ ਨਾਲ ਜੁੜੇ ਰਹਿਣਾ ਹੀ ਸੱਚਾ ਜੋਗ ਹੈ।

ਬਾਹਰੀ ਦਿਖਾਵੇ, ਕਰਮ-ਕਾਂਡੀ ਜੀਵਨ ਅਤੇ ਪਾਖੰਡਬਾਜ਼ੀ ਸਦਕਾ ਕਰਤਾਰ ਦੀਆਂ ਖ਼ੁਸ਼ੀਆਂ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਅਜੇ ਵਿਚਾਰ ਗੋਸ਼ਟੀ ਚੱਲ ਰਹੀ ਸੀ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਆਈ। ਜਦੋਂ ਉਨ੍ਹਾਂ ਗੁਰੂ ਸਾਹਿਬ ਕੋਲੋਂ ਕੁੱਝ ਖਾਣ ਦੀ ਤਲ਼ਬ ਜ਼ਾਹਿਰ ਕੀਤੀ ਗੁਰੂ ਜੀ ਕਹਿਣ ਲੱਗੇ,”ਮਰਦਾਨਿਆਂ ਅਸੀਂ ਤਾਂ ਬਾਹਰੋਂ ਆਏ ਹੋਏ ਪ੍ਰਦੇਸੀ ਬੰਦੇ ਹਾਂ ਅਤੇ ਸਿੱਧਾਂ ਦੇ ਮਹਿਮਾਨ ਹਾਂ,ਤੁਸੀਂ ਇਨ੍ਹਾਂ ਕੋਲੋਂ ਹੀ ਕੋਈ ਪਦਾਰਥ ਖਾਣ ਨੂੰ ਮੰਗ ਲਵੋ।’’

ਗੁਰੂ ਸਾਹਿਬ ਦਾ ਹੁਕਮ ਪਾ ਕੇ ਜਦੋਂ ਭਾਈ ਮਰਦਾਨਾ ਨੇ ਬੜੀ ਨਿਮਰਤਾ ਪੂਰਵਕ ਸਿੱਧਾਂ ਕੋਲੋ ਭੋਜਨ ਦੀ ਮੰਗ ਕੀਤੀ ਤਾਂ ਹੰਕਾਰ ਨਾਲ ਨੱਕੋ-ਨੱਕ ਭਰੇ ਸਿੱਧਾਂ ਨੇ ਕਿਹਾ ‘ਬੈਠੇ ਰਹੋ ਨਾ ਕਿਤਹੂੰ ਜਾਈ, ਦੇਖਹਿ ਸ਼ਕਤਿ ਜੇ ਦੇਹਿ ਖਵਾਹੀ’। ਭਾਵ ਜੇ ਤੇਰਾ ਗੁਰੂ ਸਰਬ ਕਲਾ ਸਮਰੱਥ ਹੈ ਤਾਂ ਉਹ ਬਿਨਾ ਕਿਤੇ ਜਾਏ ਭੋਜਨ ਦਾ ਵਸੀਲਾ ਕਿਉਂ ਨਹੀਂ ਕਰ ਦਿੰਦਾ। ਇਸ ਤਰ੍ਹਾਂ ਅਸੀਂ ਵੀ ਉਸ ਦੀ ਸ਼ਕਤੀ ਨੂੰ ਦੇਖ ਲਵਾਂਗੇ। ਸਿੱਧਾਂ ਦਾ ਕਠੋਰ ਅਤੇ ਹੰਕਾਰ ਭਰਿਆ ਵਿਹਾਰ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਦੇ ਫ਼ਲਾਂ ਵੱਲ ਇਸ਼ਾਰਾ ਕਰਕੇ ਭਾਈ ਮਰਦਾਨਾ ਨੂੰ ਕਿਹਾ ਕਿ, ‘ਭਾਈ ਇਹ ਫ਼ਲ ਤੋੜ ਕੇ ਛੱਕ ਲਉ ਕਰਤਾਰ ਭਲੀ ਕਰੇਗਾ।’

ਗੁਰੂ ਬਾਬੇ ਦਾ ਬਚਨ ਸੁਣ ਕੇ ਮਰਦਾਨਾ ਜੀ ਸੋਚਾਂ ਵਿਚ ਪੈ ਗਏ ਅਤੇ ਕਹਿਣ ਲੱਗੇ, ‘ਗੁਰੂ ਜੀ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ,ਮੈਂ ਤਾਂ ਅਜੇ ਜਿਉਣਾ ਚਾਹੁੰਦਾ ਹਾਂ। ਇਹ ਰੀਠੇ ਤਾਂ ਜ਼ਹਿਰ ਵਰਗੇ ਕੌੜੇ ਹਨ ਅਤੇ ਲੋਕਾਂ ਦੇ ਵਸਤਰ ਧੋਣ ਦੇ ਕੰਮ ਆਉਂਦੇ ਹਨ।’ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਾਲੇ ਪਾਸੇ ਦੀਆਂ ਰੀਠੇ ਦੀਆਂ ਟਹਿਣੀਆਂ ਵਲ ਮੇਹਰ ਦੀ ਨਦਰ ਕਰਦਿਆਂ ਹੱਸ ਕੇ ਕਿਹਾ,”ਭਾਈ ਮਰਦਾਨਾ ਜੀ ਸਤਿ ਕਰਤਾਰ ਕਹਿ ਕੇ ਰੀਠੇ ਦੇ ਦਰਖ਼ਤ ’ਤੇ ਚੜ੍ਹ ਜਾਉ,ਆਪ ਫ਼ਲ ਛਕੋ ਅਤੇ ਇਨ੍ਹਾਂ ਸਿੱਧਾਂ ਨੂੰ ਵੀ ਤੋੜ ਕੇ ਛਕਾਓ।’’

ਸਤਿ ਬਚਨ ਕਹਿ ਕੇ ਭਾਈ ਮਰਦਾਨਾ ਜੀ ਗੁਰੂ ਵਾਲੇ ਪਾਸੇ ਦੇ ਇੱਕ ਟਹਿਣੇ ’ਤੇ ਚੜ੍ਹ ਗਏ ਅਤੇ ਰੀਠੇ ਤੋੜ ਕੇ ਖਾਣ ਲੱਗ ਪਏ। ਜ਼ਹਿਰ ਵਰਗੇ ਰੀਠੇ ਸ਼ਹਿਦ ਵਰਗੇ ਮਿੱਠੇ ਸਨ। ਪਹਿਲਾਂ ਭਾਈ ਸਾਹਿਬ ਨੇ ਆਪ ਰੱਜ ਕੇ ਰੀਠੇ ਛਕੇ ਅਤੇ ਫਿਰ ਸਿੱਧਾਂ ਨੂੰ ਵੀ ਛਕਣ ਲਈ ਦਿੱਤੇ। ਛੁਆਰਿਆਂ ਵਰਗਾ ਆਨੰਦ ਦੇਣ ਵਾਲੇ ਰੀਠੇ ਜਦੋਂ ਨਾਥ-ਜੋਗੀਆਂ ਦੀ ਜੀਭ ਨੂੰ ਲੱਗੇ ਤਾਂ ਉਹ ਵੀ ਹੈਰਾਨ ਹੋਣੋ ਨਾ ਰਹਿ ਸਕੇ। ਇਸ ਤਰ੍ਹਾਂ ਸਿੱਧਾਂ ਵੱਲੋਂ ਵੀ ਆਪਣੀਆਂ ਤਾਂਤ੍ਰਿਕ ਸ਼ਕਤੀਆਂ ਨਾਲ ਆਪਣੇ ਵਾਲੀ ਸਾਈਡ ਦੇ ਰੀਠੇ ਮਿੱਠੇ ਕਰਨ ਲਈ ਹੱਥ-ਪੱਲੇ ਮਾਰੇ ਗਏ ਪਰ ਗੁਰੂ ਨਾਨਕ ਸਾਹਿਬ ਦੇ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ।

ਦਰਖ਼ਤ ਤਾਂ ਦੁਨੀਆਂ ਵਿਚ ਹੋਰ ਵੀ ਬਹੁਤ ਹਨ। ਬਹੁਤ ਸੁੰਦਰ ਅਤੇ ਸਜੀਲੇ ਵੀ ਹਨ ਪਰ ਜਿਹੜੇ ਦਰਖ਼ਤ ਉਪਰ ਬਾਬੇ ਨਾਨਕ ਦੀ ਕਿਰਪਾ-ਦ੍ਰਿਸ਼ਟੀ ਹੋ ਗਈ ਉਸ ਦਾ ਫ਼ਲ ਨਾ ਸਿਰਫ਼ ਕੌੜੇ ਤੋਂ ਮਿੱਠਾ ਹੀ ਹੋਇਆ ਸਗੋਂ ਨਾਨਕ ਨਾਮ-ਲੇਵਾ ਸੰਗਤਾਂ ਦੇ ਸਤਿਕਾਰ ਦਾ ਪਾਤਰ ਵੀ ਬਣ ਗਿਆ। ਇਸ ਪਾਤਰਤਾ ਕਾਰਨ ਹੀ ਸੰਗਤਾਂ ਇਸ ਰੀਠੇ ਨੂੰ ਰੀਠਾ ਸਾਹਿਬ ਆਖ ਕੇ ਪਿਆਰਦੀਆਂ ਅਤੇ ਸਤਿਕਾਰਦੀਆਂ ਹਨ।

ਇਸ ਸਥਾਨ ’ਤੇ ਹਰ ਸਾਲ ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਆਮਦ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਗਮ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ।

Leave a Reply