Site icon Bless TV

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ (ਲੁਧਿਆਣਾ)

ਚੜ੍ਹਦੀ ਕਲਾ ਦੇ ਪੁੰਜ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਪ੍ਰਾਪਤ ਧਰਤ ‘ਤੇ ਸਸ਼ੋਭਿਤ ਹੈ, ਗੁਰਦੁਆਰਾ ਮੰਜੀ ਸਾਹਿਬ , ਆਲਮਗੀਰ । ਚਮਕੌਰ ਸਾਹਿਬ ਨੂੰ ਛੱਡਣ ਉਪਰੰਤ ਗੁਰੂ ਜੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਮਾਛੀਵਾੜੇ ਦੀ ਧਰਤ ਸੁਹਾਵੀ ‘ਤੇ ਮਿਲੇ ।

ਮੁਗਲ ਫੌਜਾਂ ਗੁਰੂ ਜੀ ਦੀ ਭਾਲ ਵਿਚ ਥਾਂ-ਥਾਂ ਛਾਪੇ ਮਾਰ ਰਹੀਆਂ ਸਨ । ਮਾਛੀਵਾੜੇ ਤੋਂ ਗੁਰੂ ਜੀ ਉਕਤ ਗੁਰਸਿੱਖਾਂ ਤੇ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੀ ਮੱਦਦ ਨਾਲ ਉਚ ਦੇ ਪੀਰ ਦੇ ਰੂਪ ਵਿਚ ਲੱਲਾਂ, ਕੁੱਬੇ, ਕਟਾਣੀ ਆਦਿ ਅਸਥਾਨਾਂ ਤੋਂ ਹੁੰਦੇ ਹੋਏ 14 ਪੋਹ, 1761 ਬਿ: (ਦਸੰਬਰ 1704 ਈ:) ਨੂੰ ਆਲਮਗੀਰ ਦੇ ਅਸਥਾਨ ‘ਤੇ ਪਹੁੰਚੇ ।

ਗੁਰੂ ਜੀ ਨੇ ਇਥੇ ਨੀਲ ਬਸਤਰ ਉਤਾਰ ਤਿੰਨ ਦਿਨ ਵਿਸ਼ਰਾਮ ਕੀਤਾ ਤੇ ਬੇਅੰਤ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਬਖਸ਼ਿਸ਼ ਕੀਤੀ । ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਕਰ, ਸਤਕਾਰ ਸਹਿਤ ਵਿਦਾ ਕੀਤਾ । ਗੁਰੂ-ਘਰ ਦੇ ਇਕ ਪ੍ਰੀਤਵਾਨ ਪ੍ਰੇਮੀ ਸਿੱਖ ਨੇ ਗੁਰੂ ਜੀ ਨੂੰ ਇਕ ਘੋੜਾ ਭੇਟ ਕੀਤਾ ਤੇ ਗੁਰੂ ਜੀ ਆਪਣੇ ਸਾਥੀ ਸਿੰਘਾਂ ਸਮੇਤ ਰਾਏਕੋਟ ਨੂੰ ਅਗਲੇ ਸਫ਼ਰ ਲਈ ਰਵਾਨਾ ਹੋ ਗਏ ।

ਗੁਰੂ-ਘਰ ਦੇ ਨਿਕਟਵਰਤੀ ਭਾਈ ਨਾਨੂੰ ਸਿੰਘ ਨੇ ਸਭ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਉਸ ਸਮੇਂ ਇਥੇ ਕੇਵਲ ਨਿੱਕੀਆਂ ਇੱਟਾਂ ਦਾ ਬੁਰਜ ਯਾਦਗਾਰ ਵਜੋਂ ਕਾਇਮ ਸੀ । ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਇਸ ਗੁਰ-ਅਸਥਾਨ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਗਿਆ । ਅੰਗਰੇਜ਼ ਰਾਜ-ਕਾਲ ਦੌਰਾਨ ਇਸ ਅਸਥਾਨ ‘ਤੇ ਮਹੰਤ ਕਾਬਜ਼ ਰਹੇ ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਸ ਧਾਰਮਕ ਅਸਥਾਨ ਦਾ ਪ੍ਰਬੰਧ 7 ਅਕਤੂਬਰ 1928 ਈ: ਨੂੰ ਲੋਕਲ ਕਮੇਟੀ ਆਲਮਗੀਰ ਪਾਸ ਆਇਆ । ਲੋਕਲ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਬਹੁਤ ਸਾਰੇ ਕਾਰਜ ਕੀਤੇ ਗਏ । 30 ਜੂਨ 1958 ਈ: ਵਿਚ ਗੁਰਦੁਆਰਾ ਸਾਹਿਬ ਨਾਲ ਇਤਿਹਾਸਕ ਅਸਥਾਨ ‘ਤੇ ਤੀਰ ਸਰ ਸਰੋਵਰ ਦੀ ਸ਼ੁਭ-ਆਰੰਭਤਾ ਕੀਤੀ ਗਈ । 1 ਜਨਵਰੀ, 1987 ਨੂੰ ਇਸ ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਆਇਆ ।

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੀ ਬਹੁ-ਮੰਜ਼ਲੀ ਸੁੰਦਰ ਇਮਾਰਤ ‘ਤੇ ਕੇਸਰੀ ਪਰਚਮ ਦੂਰ-ਦੂਰ ਤੋਂ ਦਿਖਾਈ ਦਿੰਦਾ ਹੈ । ਇਹ ਪਵਿੱਤਰ ਅਸਥਾਨ ਲੁਧਿਆਣਾ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਲੁਧਿਆਣਾ-ਮਲੇਰਕੋਟਲਾ ਸੜਕ ਦੇ ਨਜ਼ਦੀਕ ਸਸ਼ੋਭਿਤ ਹੈ । ਇਹ ਪਵਿੱਤਰ ਅਸਥਾਨ ਲੁਧਿਆਣਾ-ਧੂਰੀ ਰੇਲਵੇ ਲਾਈਨ ‘ਤੇ ਰੇਲਵੇ ਸਟੇਸ਼ਨ ਗਿੱਲ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ ।

ਇਸ ਪਵਿੱਤਰ ਅਸਥਾਨ ‘ਤੇ ਸਾਰੇ ਗੁਰਪੁਰਬ, ਖਾਲਸੇ ਦਾ ਸਿਰਜਣਾ ਦਿਹਾੜਾ ਵੈਸਾਖੀ ਤੇ ਸਾਲਾਨਾ ਜੋੜ ਮੇਲਾ 14-15-16 ਪੋਹ (ਦਸੰਬਰ ਦੇ ਆਖ਼ਰੀ ਹਫਤੇ) ਧੂਮ-ਧਾਮ ਨਾਲ ਮਨਾਏ ਜਾਂਦੇ ਹਨ । ਹਰ ਐਤਵਾਰ ਵੀ ਗੁਰਮਤਿ ਸਮਾਗਮ ਹੁੰਦੇ ਹਨ । ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ । ਰਿਹਾਇਸ਼ ਵਾਸਤੇ ਕਲਗੀਧਰ ਨਿਵਾਸ ਦੇ 24 ਕਮਰੇ ਹਨ । ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਕਲਗੀਧਰ ਲਾਇਬ੍ਰੇਰੀ ਤੇ ਗੁਰਮਤਿ ਲਿਟਰੇਚਰ ਹਾਊਸ ਵੀ ਹੈ । ਯਾਤਰੂਆਂ ਦੇ ਦਵਾ-ਦਾਰੂ ਲਈ ਗੁਰੂ ਅਮਰਦਾਸ ਫ਼ਰੀ ਡਿਸਪੈਂਸਰੀ ਵੀ ਚੱਲ ਰਹੀ ਹੈ ।

 

Exit mobile version