Thursday, November 21st, 2024

ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ (ਕਪੂਰਥਲਾ)

ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ (ਕਪੂਰਥਲਾ),ਪੰਜਾਬ ਗੁਰਦੁਆਰਾ ਸੁਖਚੈਨਆਣਾ ਸਾਹਿਬ (ਫਗਵਾੜਾ) ਕਪੂਰਥਲਾ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1635 ਈ: ਵਿਚ ਕਰਤਾਰਪੁਰ ਦੀ ਜੰਗ ਜਿੱਤਣ ਉਪਰੰਤ, ਕਰਤਾਰਪੁਰ ਤੋਂ ਕੀਰਤਪੁਰ ਨੂੰ ਜਾਣ ਸਮੇਂ ਇਸ ਅਸਥਾਨ ਨੂੰ ਆਪਣੇ ਮੁਬਾਰਕ ਚਰਨਾਂ ਦੀ ਛੋਹ ਬਖਸ਼ਿਸ਼ ਕਰ, ਇਤਿਹਾਸਕਤਾ ਪ੍ਰਦਾਨ ਕੀਤੀ।

ਗੁਰੂ ਜੀ ਨੇ ਇਸ ਅਸਥਾਨ ‘ਤੇ ਕੁਝ ਸਮਾਂ ਸੁਖਚੈਨ ਨਾਲ ਨਿਵਾਸ ਕਰਕੇ, ਧਰਮ ਪ੍ਰਚਾਰ ਕਾਰਜ ਕਰਦੇ ਰਹੇ। ਗੁਰੂ ਜੀ ਦੀ ਆਮਦ ਦੀ ਯਾਦਗਾਰ ਵਿਚ ਗੁਰਸਿੱਖਾਂ ਨੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਚਰਨ-ਛੋਹ ਵੀ ਇਸ ਧਰਤ ਨੂੰ ਪ੍ਰਾਪਤ ਹੈ।

ਉਨ੍ਹਾਂ ਦੀ ਯਾਦ ਵਿਚ ਬਾਂਸਾਂ ਵਾਲੇ ਬਾਜ਼ਾਰ ਵਿਚ ਗੁਰਦੁਆਰਾ ਸ਼ੋਭਨੀਕ ਹੈ। ਇਨ੍ਹਾਂ ਸਥਾਨਾਂ ਦੀ ਸੇਵਾ-ਸੰਭਾਲ ਪਹਿਲਾਂ ਉਦਾਸੀਆਂ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਕਰਦੀ ਹੈ।

ਇਹ ਇਤਿਹਾਸਕ ਅਸਥਾਨ ਜਲੰਧਰ- ਫਗਵਾੜਾ- ਲੁਧਿਆਣਾ ਜੀ.ਟੀ.ਰੋਡ ‘ਤੇ ਫਗਵਾੜਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਫਗਵਾੜਾ-ਚੰਡੀਗੜ੍ਹ ਰੋਡ ‘ਤੇ ਸਥਿਤ ਹੈ। ਫਗਵਾੜਾ ਪੰਜਾਬ ਦਾ ਪ੍ਰਮੁੱਖ ਨਗਰ ਹੈ ਜੋ ਜਲੰਧਰ ਤੋਂ 22 ਕਿਲੋਮੀਟਰ ਤੇ ਲੁਧਿਆਣਾ ਤੋਂ 38 ਕਿਲੋਮੀਟਰ ਦੀ ਦੂਰੀ ‘ਤੇ ਪ੍ਰਮੁੱਖ ਸੜਕੀ ਤੇ ਰੇਲਵੇ ਮਾਰਗ ਨਾਲ ਜੁੜਿਆ ਹੈ।

ਇਸ ਇਤਿਹਾਸਕ ਅਸਥਾਨ ‘ਤੇ ਆਦਿ ਗੁਰੂ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਤੇ ਖਾਲਸੇ ਦਾ ਸਾਜਣਾ ਦਿਹਾੜਾ ਵੈਸਾਖੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ। ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਯੋਗ ਪ੍ਰਬੰਧ ਹੈ।

Leave a Reply