Thursday, December 19th, 2024

ਗੁਰਦੁਆਰਾ ‘ਸ੍ਰੀ ਦਰਬਾਰ ਸਾਹਿਬ’ ਖਡੂਰ ਸਾਹਿਬ

ਖਡੂਰ ਸਾਹਿਬ ਅੰਮ੍ਰਿਤਸਰ ਦਾ ਪ੍ਰਸਿੱਧ ਇਤਿਹਾਸਕ ਨਗਰ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਨੇ 1539 ਈ: ਵਿਚ ਗੁਰੂ ਅੰਗਦ ਦੇਵ ਜੀ ਨੂੰ ‘ਗੁਰਗੱਦੀ’ ‘ਤੇ ਬਿਰਾਜਮਾਨ ਕਰ, ਖਡੂਰ ਸਾਹਿਬ ਨੂੰ ਸਿੱਖ ਵਿਸ਼ਵਾਸ ਦੇ ਨਵੇਂ ਕੇਂਦਰ ਵਜੋਂ ਸਥਾਪਤ ਕਰਨ ਦਾ ਆਦੇਸ਼ ਕੀਤਾ।

ਗੁਰੂ ਅੰਗਦ ਦੇਵ ਜੀ ਨੇ 1539 ਈ: ਤੋਂ 1552 ਈ: ਤਕ ਵਿਸ਼ੇਸ਼ ਰੂਪ ਵਿਚ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ-ਕੇਂਦਰ ਵਜੋਂ ਵਿਕਸਤ ਕੀਤਾ। ਸੰਗਤ-ਪੰਗਤ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਪ੍ਰਗਟ ਕਰਨ ਲਈ ਲੰਗਰ ਪ੍ਰਥਾ ਨੂੰ ਵਿਸ਼ੇਸ਼ ਰੂਪ ਦੇਣ ਲਈ ਮਾਤਾ ਖੀਵੀ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਸੋਂਪੀ ਗਈ। ਗੁਰਮਤਿ ਗਿਆਨ ਦੇ ਪ੍ਰਚਾਰ ਲਈ ਗੁਰਮੁਖੀ ਲਿਪੀ ਦਾ ਪ੍ਰਚਾਰ-ਪ੍ਰਸਾਰ ਤੇ ਵਿਕਾਸ ਕੀਤਾ ਗਿਆ।

ਸਰੀਰਕ ਅਰੋਗਤਾ ਲਈ ਮੱਲ ਅਖਾੜੇ ਦਾ ਨਿਰਮਾਣ ਕਰਵਾਇਆ। ਬਾਦਸ਼ਾਹ ਹਮਾਯੂੰ ਵੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਖਡੂਰ ਸਾਹਿਬ ਹੀ ਹਾਜ਼ਰ ਹੋਇਆ। (ਗੁਰੂ) ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਨ ਦਾ ਸੁਭਾਗ ਵੀ ਇਥੇ ਹੀ ਪ੍ਰਾਪਤ ਹੋਇਆ।

1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਇਥੇ ਹੀ ਸੌਂਪੀ। ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਸਾਹਿਬਾਨ ਦੀ ਚਰਨ ਛੋਹ ਵੀ ‘ਖਡੂਰ ਸਾਹਿਬ’ ਨੂੰ ਪ੍ਰਾਪਤ ਹੋਈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅਸਥਾਨ ‘ਤੇ ਗੁਰੂ ਅੰਗਦ ਦੇਵ ਜੀ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਖਡੂਰ ਸਾਹਿਬ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਤੇ ਵਿਕਸਤ ਕਰਨ ਦਾ ਸੁਭਾਗ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਹੋਇਆ।

ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਕਾਰ ਸੇਵਾ ਵਾਲੇ ਬਾਬਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਇਤਿਹਾਸਕ ਅਸਥਾਨਾਂ ‘ਤੇ ਹੁਣ ਆਲੀਸ਼ਾਨ ਇਮਾਰਤਾਂ ਸੁਭਾਇਮਾਨ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਪਹਿਲਾਂ ਪਿਤਾਪੁਰਖੀ ਮਹੰਤਾਂ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ, ਦੂਸਰੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਸਿੱਖ ਇਤਿਹਾਸ ਨੂੰ ਚਿੱਤਰਾਂ ਰਾਹੀਂ ਦਰਸਾਉਂਦਾ ਸੁੰਦਰ ਅਜਾਇਬ ਘਰ ਤਿਆਰੀ ਅਧੀਨ ਹੈ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਸਾਫ- ਸੁਥਰੇ 60 ਕਮਰੇ ਹਨ।

ਇਹ ਇਤਿਹਾਸਕ ਅਸਥਾਨ, ਇਤਿਹਾਸਕ ਨਗਰ ਖਡੂਰ ਸਾਹਿਬ ਜੋ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਹੈ ਵਿਚ ਤਰਨ ਤਾਰਨ ਤੋਂ 20 ਕਿਲੋਮੀਟਰ, ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਤਰਨਤਾਰਨ-ਖਡੂਰ ਸਾਹਿਬ-ਗੋਇੰਦਵਾਲ ਲਿੰਕ ਰੋਡ ‘ਤੇ ਸਥਿਤ ਹੈ। ਜੰਡਿਆਲਾ ਗੁਰੂ ਤੋਂ ਵੀ ਸੜਕੀ ਰਸਤਾ ਹੈ।

Leave a Reply