Thursday, December 19th, 2024

ਸ਼ਾਨੋ ਸ਼ੌਕਤ ਨਾਲ ਕੱਡਿਆ ਗਿਆ ਮੀਰੀ-ਪੀਰੀ ਨਗਰ ਕੀਰਤਨ

Vancouver: ਸਰੀ ‘ਚ ਅੱਜ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਡਿਆ ਗਿਆ। ਨਗਰ ਕੀਰਤਨ ‘ਚ 20 ਤੋਂ 30 ਹਜ਼ਾਰ ਦੇ ਕਰੀਬ ਸੰਗਤ ਨੇ ਹਿੱਸਾ ਲਿਆ।

ਇਨ੍ਹਾਂ ਤਸਵੀਰਾਂ ਰਾਹੀ ਤੁਸੀਂ 28 ਜੁਲਾਈ ਨੂੰ ਸ਼ਾਨੋ ਸ਼ੌਕਤ ਨਾਲ ਕੱਡੇ ਗਏ ਨਗਰ ਕੀਰਤਨ ਦੀਆਂ ਝਲਕੀਆਂ ਦੇਖ ਸਕਦੇ ਹੋ। ਜਿੱਥੇ ਠਾਠਾਂ ਮਾਰਦਾ ਇਕੱਠ ਇੱਕ ਵਾਰ ਤਾਂ ਸੱਤ ਸਮੁੰਦਰ ਪਾਰ ਪੰਜਾਬ ਦਾ ਭੁਲੇਖਾ ਪਾ ਰਿਹਾ ਸੀ। ਨਗਰ ਕੀਰਤਨ ‘ਚ ਕਰੀਬ 30 ਹਜ਼ਾਰ ਦੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਸੀ। ਸੰਗਤ ‘ਚ ਇਸ ਮੌਕੇ ਵੱਖਰਾ ਹੀ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਨਗਰ ਕੀਰਤਨ ਦੀ ਅਗਵਾਈ ਸਰੀ ਆਰ.ਸੀ.ਐੱਮ.ਪੀ. ਦੀਆਂ ਗੱਡੀਆਂ ਕਰ ਰਹੀਆਂ ਸਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਡੈਲਟਾ ਤੋਂ ਸਵੇਰੇ 8 ਵਜੇ ਨਗਰ ਕੀਰਤਨ ਚੱਲਿਆ, ਜਿਸਤੋਂ ਬਾਅਦ 2 ਵਜੇ ਗੁਰੂ ਘਰ ਪਹੁੰਚ ਕੇ ਹੀ ਸਮਾਪਤੀ ਕੀਤੀ ਗਈ। ਚੁਫ਼ੇਰੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਸਨ, ਪੁਲਿਸ ਅਧਿਕਾਰੀ ਚੱਪੇ ਚੱਪੇ ‘ਤੇ ਤੈਨਾਤ ਸਨ।

ਨਗਰ ਕੀਰਤਨ ਜਹਿੜੀਆਂ ਥਾਵਾਂ ਤੋਂ ਲੰਘ ਰਿਹਾ ਸੀ ਉਨ੍ਹਾਂ ਥਾਵਾਂ ਦੀਆਂ ਸਰਹੱਦਾਂ ਨੂੰ ਪੁਲਿਸ ਦੀਆਂ ਗੱਡੀਆਂ ਨਾਲ ਬੰਦ ਕੀਤਾ ਗਿਆ ਸੀ। ਪੂਰਾ ਸਮਾਂ ਪੁਲਿਸ ਦੀਆਂ ਦੋ ਗੱਡੀਆਂ ਨਗਰ ਕੀਰਤਨ ਦੇ ਅੱਗੇ ਤੇ ਦੋ ਗੱਡੀਆਂ ਨਗਰ ਕੀਰਤਨ ਦੇ ਪਿੱਛੇ ਰਹੀਆਂ। ਪੁਲਿਸ ਦੀਆਂ ਗੱਡੀਆਂ ਤੋਂ ਬਾਅਦ ਗੱਤਕਾ ਟੀਮ ਚੱਲ ਰਹੀ ਸੀ।

ਨਗਰ ਕੀਰਤਨ ਮੌਕੇ ਛੋਟੇ ਬੱਚਿਆਂ ਵੱਲੋਂ ਦਿਖਾਏ ਗਏ ਗੱਤਕੇ ਦੇ ਜੌਹਰ ਦੇਖਿਆਂ ਹੀ ਬਣਦੇ ਸੀ। ਬੱਚਿਆਂ ਨੂੰ ਮੀਰੀ-ਪੀਰੀ ਦਿਵਸ ਦੀ ਮਹਾਨਤਾ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਸੀ।

ਗੱਤਕਾ ਟੀਮ ਤੋਂ ਬਾਅਦ ਸਿੰਘਾਂ ਦਾ ਜੱਥਾ ਚੱਲ ਰਿਹਾ ਸੀ, ਤੇ ਫਿਰ ਪੰਜ ਪਿਆਰੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਹੁਤ ਹੀ ਖੂਬਸੂਰਤ ਪਾਲਕੀ ‘ਚ ਸਜਾਏ ਹੋਏ ਸਨ। ਗੁਰੂ ਸਾਹਿਬ ਦਾ ਫਲੋਟ ਚੁਫ਼ੇਰਿਓਂ ਸਜਾਇਆ ਹੋਇਆ ਸੀ, ਜਿਸਦੇ ਆਲ਼ੇ-ਦੁਆਲ਼ੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਸੀ।

ਇਸ ਮੌਕੇ ਅਧਿਕਾਰੀਆਂ ਵੱਲੋਂ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਮਹਾਨਤਾ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ।
ਖਾਲਸਾ ਸਕੂਲਾਂ ‘ਚ ਧਾਰਮਿਕ ਵਿਭਾਗ ਦੇ ਮੁਖੀ ਕੁਲਵਿੰਦਰ ਸਿੰਘ ਨੇ ਟੀ.ਵੀ. ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਸੰਗਤ ਨੂੰ ਮੀਰੀ-ਪੀਰੀ ਦਿਵਸ ਦੀ ਵਧਾਈ ਦਿੱਤੀ। ਜਿਨ੍ਹਾਂ ਸਿੱਖ ਪਰਿਵਾਰਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗੁਰੂ ਨਾਲ ਜੋੜਨ।
ਇੱਕ ਪਾਸੇ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸੀ ਤੇ ਨਾਲ ਹੀ ਗੱਤਕੇ ਦੇ ਜੌਹਰ ਦੇਖ ਰਹੀ ਸੀ, ਦੂਜੇ ਪਾਸੇ ਥਾਂ-ਥਾਂ ‘ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।

ਵੱਖੋ-ਵੱਖਰੀਆਂ ਸੰਸਥਾਵਾਂ ਤੇ ਸੰਗਤ ਨੇ ਲੰਗਰ ਦੇ ਸਟਾਲ ਲਗਾਏ ਹੋਏ ਸਨ। ਜਿੱਥੇ ਜਲੇਬੀਆਂ, ਛੋਲੇਪੂਰੀਆਂ, ਪਕੌੜੇ, ਕੜੀ ਚਾਵਲ, ਪੀਜ਼ਾ, ਆਈਸਕਰੀਮ, ਚਿਪਸ, ਮਿੱਸੀਆਂ ਰੋਟੀਆਂ, ਕੁਲਚੇ , ਬਰਗਰ, ਲੱਸੀ, ਦੁੱਧ, ਚਾਹ, ਪਰੌਂਠੇ ਤੇ ਹੋਰ ਕਈ ਤਰ੍ਹਾਂ ਦੇ ਵਿਅੰਜਨ ਵਰਤਾਏ ਜਾ ਰਹੇ ਸਨ।
ਬਜ਼ੁਰਗਾਂ ‘ਚ ਨਗਰ ਕੀਰਤਨ ਦੌਰਾਨ ਵੱਖਰਾ ਦੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੰਜਾਬ ਤੋਂ ਸੰਗਰੂਰ ਨਾਲ ਸਬੰਧਤ ਸੌਦਾਗਰ ਸਿੰਘ ਨੇ ਟੀ.ਵੀ. ਪੰਜਾਬ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਹੈ, ਜਿਵੇਂ ਉਹ ਗੁਰੂ ਨਗਰੀ ‘ਚ ਮੌਜੂਦ ਹੋਣ।

ਇਸ ਮੌਕੇ ਸਫ਼ਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਸੀ। ਥਾਂ-ਥਾਂ ‘ਤੇ ਸੇਵਾਦਾਰ ਕੂੜਾ ਇਕੱਠਾ ਕਰ ਰਹੇ ਸਨ। ਤਾਂ ਕਿ ਨਗਰ ਕੀਰਤਨ ਦੇ ਲੰਘਣ ਤੋਂ ਬਾਅਦ ਕਿਤੇ ਵੀ ਗਾਰਬੇਜ ਨਜ਼ਰ ਆ ਆਵੇ, ਤੇ ਅਜਿਹਾ ਹੋਇਆ ਵੀ। ਸੰਗਤ ‘ਚ ਮੌਜੂਦ ਸੁਰਜੀਤ ਕੌਰ ਨੇ ਵੀ ਟੀ.ਵੀ. ਪੰਜਾਬ ਨਾਲ ਗੱਲਬਾਤ ਕੀਤੀ। ਸੁਰਜੀਤ ਕੌਰ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਜੁੜਿਆ ਹੋਇਆ ਹੈ। ਸੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਪੰਜਾਬ ‘ਚ ਬੈਠੇ ਹੋਣ।

ਨਗਰ ਕੀਰਤਨ ਦੇ ਰਸਤੇ ‘ਚ ਖੜ੍ਹਾਇਆ ਗਿਆ ਟਰੈਕਟਰ ਤੇ ਟਰਾਲੀ ਵੀ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਸੀ।

ਸੰਗਤ ਨੂੰ ਪੰਜਾਬ ਵਰਗਾ ਆਪਣਾਪਣ ਤੇ ਪਿਆਰ ਮਹਿਸੂਸ ਹੋਣਾ ਹੀ ਨਗਰ ਕੀਰਤਨ ਦੀ ਕਾਮਯਾਬੀ ਦਾ ਸਬੂਤ ਦੇ ਜਾਂਦਾ ਹੈ।ਇਹੋ ਜਿਹੇ ਈਵੈਂਟਸ ਦੌਰਾਨ ਸਾਰਾ ਹੀ ਪੰਜਾਬੀ ਭਾਈਚਾਰਾ ਸੱਤ ਸਮੁੰਦਰ ਪਾਰ ਵੀ ਇੱਕ ਹੋ ਜਾਂਦਾ ਹੈ, ਜਿਨ੍ਹਾਂ ਵੱਲੋਂ ਆਪਣੇ ਈਵੈਂਟ ‘ਚ ਸਭ ਦਾ ਖੁੱਲ੍ਹੇ ਦਿਨ ਨਾਲ ਸਵਾਗਤ ਕੀਤਾ ਜਾਂਦਾ ਹੈ।

Miri-Piri Nagar Kirtan, Surrey BC, 28 July 2018 Photo: Bless Tv

ਜਿਕਰਯੋਗ ਹੈ ਕਿ ਮੀਰੀ ਤੇ ਪੀਰੀ ਦੋ ਤਲਵਾਰਾਂ ਦੇ ਨਾਮ ਹਨ। ਜਿਨ੍ਹਾਂ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਹਰਗੋਬਿੰਦ ਰਾਏ ਜੀ ਨੇ ਸੰਗਤ ਦੇ ਸਪੁਰਦ ਕੀਤਾ ਸੀ, ਤੇ ਸੰਦੇਸ਼ ਦਿੱਤਾ ਸੀ ਕਿ ਜ਼ੁਲਮ ਦਾ ਟਾਕਰਾ ਕਰਨ ਲਈ ਮੀਰੀ ਦੀ ਵਰਤੋਂ ਕਰਨੀ ਹੈ ਤੇ ਧਰਮ ਲਈ ਪੀਰੀ ਦੀ। ਇਸੇ ਤਹਿਤ ਮੀਰੀ ਰਾਜਨੀਤੀ ਦੀ ਪ੍ਰਤੀਕ ਹੈ ਤੇ ਪੀਰੀ ਰੂਹਾਨੀਅਤ ਦੀ ਪ੍ਰਤੀਕ ਹੈ।

Leave a Reply