ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ਿਆਂ ਨੂੰ 40 ਕਿੱਲੋ ਸੋਨੇ ਦੇ ਪੱਤਰੇ ਚੜਾਏ ਜਾਣਗੇ। ਪਹਿਲੇ ਪੜਾਅ ਦਾ ਕੰਮ ਘੰਟਾ ਘਰ ਸਥਿਤ ਪ੍ਰਵੇਸ਼ ਦਰਵਾਜ਼ੇ ਦੀ ਦਰਸ਼ਨੀ ਡਿਓਢੀ ਦੇ ਗੁਬੰਦਾਂ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਨਾ ਸਿਰਫ਼ ਸਿੱਖ ਧਰਮ ਸਗੋਂ ਹਰ ਧਰਮ ਦੇ ਲੋਕ ਇੱਥੇ ਆ ਕੇ ਸੀਸ ਝੁਕਾਉਂਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਨੇ ਦੇ ਪੱਤਰੇ ਲਾਉਣ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਹੈ। ਇਸ ਬਾਰੇ ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਨੇ ਦੱਸਿਆ ਕਿ ਮੁੱਖ ਦਰਵਾਜ਼ਿਆਂ ਦੇ 4 ਗੁਬੰਦਾਂ ਤੋਂ ਇਲਾਵਾ 4 ਛੋਟੇ ਗੁਬੰਦ, 50 ਛੋਟੀਆਂ ਗੁਬੰਦੀਆਂ ਤੇ 2 ਪਾਲਕੀਆਂ ਹਨ ਤੇ ਇਹ ਸੇਵਾ ਅਗਲੇ ਸਾਲ ਦੀ ਵਿਸਾਖੀ ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਵਾਜ਼ਿਆਂ, ਗੁਬੰਦਾਂ ਉੱਪਰ ਕੁੱਲ 40 ਕਿੱਲੋ ਸੋਨਾ ਲੱਗੇਗਾ।
ਤੁਹਾਨੂੰ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਹਨ ਜੋ ਇਸ ਗੱਲ ਦੇ ਪ੍ਰਤੀਕ ਹਨ ਕਿ ਇੱਥੇ ਕਿਸੇ ਵੀ ਧਰਮ, ਜਾਤੀ, ਨਸਲ ਦਾ ਇਨਸਾਨ ਆ ਸਕਦਾ ਹੈ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਸਕਦਾ ਹੈ।